ਕੋਠੇ ਖੜਕ ਸਿੰਘ

ਰਾਮ ਸਰੂਪ ਅਣਖੀ ਦਾ ਨਾਵਲ

ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ ਨਾਵਲ ਦੀ ਰਚਨਾ 1985 ਵਿੱਚ ਕੀਤੀ ਗਈ। ਇਸ ਨਾਵਲ ਤੇ ਅਣਖੀ ਨੂੰ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[1] ਇਸ ਨਾਵਲ ਦੇ ਅਧਾਰ ਤੇ ਇੱਕ ਟੈਲੀ ਫਿਲਮ 'ਕਹਾਨੀ ਏਕ ਗਾਂਉ ਕੀ' ਬਣ ਚੁੱਕੀ ਹੈ। ਇਸ ਨਾਵਲ ਨੂੰ ਅਣਖੀ ਦੀ ਸਭ ਤੋ ਉੱਤਮ ਰਚਨਾ ਮੰਨਿਆ ਗਿਆ ਹੈ। ਨਾਵਲ ਦੇ ਕੁੱਲ ਸੱਤ ਸੰਸਕਰਣ 1985, 1986, 1988, 1991, 1992, 1996, 1999 ਵਿੱਚ ਛਪੇ ਹਨ। ਇਹ ਨਾਵਲ ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਤੈਲਗੂ, ਤਾਮਿਲ ਅਤੇ ਉਰਦੂ ਭਾਸ਼ਾਵਾਂ ਵਿੱਚ ਛਪਿਆ ਹੈ।[2] ਇਸਦਾ ਅੰਗ੍ਰੇਜੀ ਅਨੁਵਾਦ ਅਵਤਾਰ ਸਿੰਘ ਜੱਜ ਨੇ ਕੀਤਾ।

ਕੋਠੇ ਖੜਕ ਸਿੰਘ
Kothe kharak singh novel
ਲੇਖਕਰਾਮ ਸਰੂਪ ਅਣਖੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾ20ਵੀਂ ਸਦੀ ਦੇ ਮਗਰਲੇ ਅੱਧ ਦੇ ਸਮੇਂ ਮਲਵਈ ਪੰਜਾਬ ਦਾ ਜੀਵਨ
ਵਿਧਾਨਾਵਲ
ਪ੍ਰਕਾਸ਼ਕਆਰਸੀ ਪਬਲਿਸ਼ਰਜ, ਚਾਂਦਨੀ ਚੌੰਕ , ਦਿੱਲੀ
ਪ੍ਰਕਾਸ਼ਨ ਦੀ ਮਿਤੀ
1985
ਸਫ਼ੇ312
ਅਵਾਰਡਸਾਹਿਤ ਅਕਾਦਮੀ, 1987

ਪਾਤਰ

ਗਿੰਦਰ, ਹਰਨਾਮੀ, ਅਰਜਨ, ਚਰਨਦਾਸ, ਨੰਦ ਕੁਰ, ਮੀਤੋ, ਜੀਤੋ, ਮੱਲਣ, ਸੱਜਣ,ਹਰਦਿੱਤ ਸਿੰਘ, ਪੁਸ਼ਪਿੰਦਰ, ਮੁਕੰਦ, ਜਲ ਕੁਰ, ਗ੍ਹੀਰਾ, ਹਰਿੰਦਰ, ਨਸੀਬ ।

ਪਲਾਟ

ਕੋਠੇ ਖੜਕ ਸਿੰਘ ਦੀਆਂ ਮੁੱਖ ਘਟਨਾਵਾਂ ਪੰਜਾਬ ਦੇ ਇੱਕ ਪਿੰਡ ਵਿੱਚ ਵਾਪਰੀਆਂ ਹਨ। ਨਾਵਲ ਤਿੰਨ ਪੀੜ੍ਹੀਆਂ ਨੂੰ ਪੇਸ਼ ਕਰਦਾ ਹੈ ਅਤੇ ਪੰਜਾਬ ਦੀ ਵੰਡ ਤੋਂ ਪਹਿਲਾਂ ਭਾਰਤੀ ਆਜ਼ਾਦੀ ਲਈ ਸੰਘਰਸ਼ ਨੂੰ ਬਿਆਨ ਕਰਦਾ ਹੈ। ਇਹ ਸਮਾਜਿਕ-ਆਰਥਿਕ ਅਤੇ ਸਭਿਆਚਾਰਕ ਤਬਦੀਲੀਆਂ ਦਾ ਵੀ ਵਰਣਨ ਕਰਦਾ ਹੈ ਜੋ ਰਾਜ ਉਸ ਸਮੇਂ ਵੇਖ ਰਿਹਾ ਸੀ।

ਵਿਸ਼ਾ

ਭਾਰਤੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦਾ ਸਮਾਜਕ-ਸਭਿਆਚਾਰਕ ਵਾਤਾਵਰਣ ਅਤੇ ਆਮ ਲੋਕਾਂ ਦੀ ਜੀਵਨ ਸ਼ੈਲੀ ਇਸ ਨਾਵਲ ਦਾ ਪ੍ਰਮੁੱਖ ਵਿਸ਼ਾ ਹੈ। ਕਹਾਣੀ ਅਤੇ ਇਸ ਦੀ ਲੇਖਣੀ ਸ਼ੈਲੀ ਰੂਸੀ ਸਾਹਿਤ ਅਤੇ ਗਲਪ ਤੋਂ ਪ੍ਰਭਾਵਿਤ ਹੈ, ਜਿਸ ਦੇ ਅਨੁਵਾਦ ਉਸ ਸਮੇਂ ਪੰਜਾਬ ਵਿਚ ਆਸਾਨੀ ਨਾਲ ਉਪਲਬਧ ਸਨ।[3]

ਕਥਾਨਕ

ਕੋਠੇ ਖੜਕ ਸਿੰਘ ਦੀ ਕਹਾਣੀ ਭਾਰਤੀ ਪੰਜਾਬ ਦੇ ਮਾਲਵੇ ਖੇਤਰ ਦੇ ਪ੍ਰਤਿਨਿਧ ਇੱਕ ਪਿੰਡ ਦੀ ਕਹਾਣੀ ਹੈ। ਰਾਮ ਸਰੂਪ ਅਣਖੀ ਦਾ ਕਥਨ ਹੈ: "ਕੋਠੇ ਖੜਕ ਸਿੰਘ ਪਿੰਡ ਮੈਂ ਆਪਣੀ ਕਲਪਨਾ ਨਾਲ ਵਸਾਇਐ। ਨਾਵਲ ਲਿਖਣ ਵੇਲੇ ਸੁਪਨਿਆਂ ਚ ਮੈਂ ਹਰ ਰੋਜ ਇਸ ਪਿੰਡ ਦੀ ਗਲੀ-ਗਲੀ ਗਾਹੀ ਤੇ ਆਲਾ-ਦੁਆਲਾ ਵੀ। ਹਕੀਕਤ ਵਿੱਚ ਵੀ ਮੈਂ ਤਖਤੂਪੁਰਾ, ਸਲਾਬਤਪੁਰਾ, ਫੂਲ, ਮਹਿਰਾਜ ਪਿੰਡਾਂ ਦਾ ਸਾਇਕਲ ਤੇ ਦੌਰਾ ਕੀਤਾ ਸੀ।"

ਹਰਨਾਮੀ, ਗਿੰਦਰ ਦੀ ਬਹੂ ਆਪਣੇ ਪੇਕੇ ਪਿੰਡ ਤੋਂ ਹੀ ਕਾਮਿਕ ਭੁੱਖ ਦੇ ਅਧੀਨ ਜੀਵਨ ਜਿਉਣ ਲੱਗ ਪੈਂਦੀ ਹੈ। ਪਹਿਲਾਂ ਉਹ ਦੁੱਲੇ ਨਾਲ ਇਸ਼ਕ ਕਰਦੀ ਹੈ ਅਤੇ ਫਿਰ ਸਹੁਰੇ ਆ ਕੇ ਅਰਜਨ ਨਾਲ ਸੰਬੰਧ ਬਣਾ ਲੈਂਦੀ ਹੈ। ਫਿਰ ਉਸਦਾ ਝੁਕਾਅ ਨਾਜਰ ਵੱਲ ਹੋ ਜਾਂਦਾ ਹੈ। ਉਹ ਅਰਜਨ ਨੂੰ ਨਾਜਰ ਰਾਹੀਂ ਮਰਵਾ ਦਿੰਦੀ ਹੈ। ਨਾਜਰ ਨੂੰ ਕੈਦ ਹੋ ਜਾਂਦੀ ਹੈ। ਉਸ ਨੂੰ ਛੁੱਡਵਾਉਣ ਲਈ ਉਹ ਸਾਰੀਆਂ ਟੁੰਬਾਂ ਵੇਚ ਦਿੰਦੀ ਹੈ। ਜੇਲ੍ਹੋਂ ਛੁੱਟਣ ਤੇ ਹਰਨਾਮੀ ਤੀਵੀਂਬਾਜ਼ ਬੰਦਿਆਂ ਦੇ ਧੱਕੇ ਚੜ੍ਹ ਜਾਂਦੀ ਹੈ ਅਤੇ ਇੱਕ ਬੁਢੇ ਪੈਨਸ਼ਨੀਏ ਨੂੰ ਵੇਚ ਦਿੱਤੀ ਜਾਂਦੀ ਹੈ। ਬਅਦ ਵਿੱਚ ਨਾਜਰ ਉਸ ਨੂੰ ਮੁੜ ਘਰ ਲੈ ਆਉਂਦਾ ਹੈ। ਗਿੰਦਰ ਹਰਨਾਮੀ ਦਾ ਪਤੀ, ਮਾਨਸਿਕ ਰੋਗੀ ਬਣ ਘਰੋਂ ਨਿਕਲ ਗਿਆ ਸੀ। ਉਹ ਆ ਜਾਂਦਾ ਹੈ ਅਤੇ ਨਾਜਰ ਅਤੇ ਹਰਨਾਮੀ ਕੋਲ ਰਹਿਣ ਲੱਗਦਾ ਹੈ।

ਦੂਜੇ ਪਾਸੇ ਨਾਵਲ ਦੀ ਇੱਕ ਕਥਾ ਅਰਜਨ ਦੇ ਵੱਡੇ ਭਰਾ, ਝੰਡੇ ਨਾਲ ਜੁੜੀ ਹੈ। ਭਰਾ ਦੇ ਕਤਲ ਹੋਣ ਤੇ ਉਹ ਖ਼ੁਸ਼ ਹੈ ਕਿ ਅਰਜਣ ਦੀ ਦੱਸ ਘੁਮਾਂ ਪੈਲੀ ਹੁਣ ਉਸ ਦੇ ਹੱਥ ਲੱਗ ਗਈ ਹੈ। ਝੰਡੇ ਦਾ ਮੁੰਡਾ ਹਰਦਿੱਤ ਸਿੰਘ ਹੈ। ਉਹ ਆਪਣੇ ਪਿਓ ਵਾਂਗ ਹੀ ਗ਼ਰੀਬ ਕਿਸਾਨਾਂ ਨੂੰ ਕਰਜ਼ੇ ਰਾਹੀਂ ਫਸਾ ਕੇ ਜ਼ਮੀਨ ਗਹਿਣੇ ਲੈਣ ਦੇ ਰਾਹ ਚੱਲਦਾ ਹੈ। ਉਸ ਵਿੱਚ ਵਾਧਾ ਇਹ ਹੈ ਕਿ ਉਹ ਸਰਕਾਰੀ ਅਤੇ ਹੋਰ 'ਕੰਮ ਦੇ ਬੰਦਿਆਂ' ਨਾਲ ਵੀ ਬਣਾ ਕੇ ਰਖਦਾ ਹੈ। ਉਸ ਦੇ ਅੱਗੋਂ ਇੱਕ ਮੁੰਡਾ (ਹਰਿੰਦਰ) ਅਤੇ ਇੱਕ ਕੁੜੀ (ਪੁਸ਼ਪਿੰਦਰ) ਹੈ। ਪੁਸ਼ਪਿੰਦਰ ਆਪਣੇ ਜਮਾਤੀ ਨਾਈਆਂ ਦੇ ਮੁੰਡੇ ਨਸੀਬ ਨੂੰ ਪਿਆਰ ਕਰਦੀ ਹੈ, ਜਿਸ ਦਾ ਪਤਾ ਲੱਗਣ ਤੇ ਹਰਦਿੱਤ ਸਿੰਘ ਨਸੀਬ ਨੂੰ ਧੋਖੇ ਨਾਲ ਮਾਰ ਦਿੰਦਾ ਹੈ। ਕੋਠੇ ਖੜਕ ਸਿੰਘ ਦੇ ਹੀ ਮੁੰਡੇ ਬਲਕਾਰ ਸਿੰਘ ਨੂੰ ਵੀ ਪੁਲਿਸ ਨੂੰ ਫੜਾ ਦਿੰਦਾ ਹੈ। ਬੀਏ ਪਾਸ ਮੁੰਡਾ ਬਲਕਾਰ ਸਿੰਘ ਨਕਸਲੀ ਬਣ ਜਾਂਦਾ ਹੈ ਅਤੇ ਸ਼ਹੀਦ ਭਗਤ ਸਿੰਘ ਦੇ ਖਿਲਾਫ ਗਵਾਹੀ ਦੇਣ ਵਾਲੇ ਚੇਅਰਮੈਨ ਸ਼ਿੰਗਾਰਾ ਸਿੰਘ ਦਾ ਕਤਲ ਕਰ ਦਿੰਦਾ ਹੈ। ਬਲਕਾਰ ਦੇ ਸਾਥੀ ਹਰਦਿੱਤ ਸਿੰਘ ਨੂੰ ਵੀ ਡਰਾ ਕੇ ਪੰਜਾਹ ਹਜ਼ਾਰ ਰੁਪਇਆ ਲੈ ਜਾਂਦੇ ਹਨ। ਸੋ ਹਰਦਿੱਤ ਨੰਬਰਦਾਰ ਪਾਖਰ ਸਿੰਘ ਰਾਹੀਂ ਬਲਕਾਰ ਨੂੰ ਫੜਾ ਦਿੰਦਾ ਹੈ। ਬਾਅਦ ਵਿੱਚ ਬਲਕਾਰ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ ਹੈ ਅਤੇ ਪਾਖਰ ਸਿੰਘ ਨੂੰ ਪਿੰਡ ਦੇ ਲੋਕ ਕੁੱਟ-ਕੁੱਟ ਕੇ ਮਾਰ ਦਿੰਦੇ ਹਨ। ਪੁਸ਼ਪਿੰਦਰ ਬਠਿੰਡੇ ਕਾਲਜ ਵਿੱਚ ਲੈਕਚਰਾਰ ਲੱਗ ਜਾਂਦੀ ਹੈ ਅਤੇ ਵਿਆਹ ਕਰਾਉਣ ਤੋਂ ਨਾਂਹ ਕਰ ਦਿੰਦੀ ਹੈ। ਹਰਿੰਦਰ ਆਪਣੀ ਭੈਣ ਦੀ ਸਹੇਲੀ ਖੱਤਰੀਆਂ ਦੀ ਕੁੜੀ ਪਦਮਾ ਨਾਲ ਵਿਆਹ ਕਰਾ ਲੈਂਦਾ ਹੈ। ਹਰਦਿੱਤ ਸਿੰਘ ਇਸਨੂੰ ਹੇਠੀ ਸਮਝਦਾ ਹੈ। ਜਦ ਉਸ ਨੂੰ ਪਤਾ ਲਗਦਾ ਹੈ ਕਿ ਹਰਿੰਦਰ ਸਾਂਝੇ ਖਾਤੇ ਵਿਚੋਂ ਬਹੁਤ ਸਾਰੇ ਪੈਸੇ ਆਪਣੇ ਇਨਕਲਾਬੀ ਦੋਸਤਾਂ ਨੂੰ ਮਦਦ ਵਜੋਂ ਦੇਣ ਲਈ ਕਢਾ ਚੁੱਕਾ ਹੈ ਤਾਂ ਉਹ ਇਸ ਸਦਮੇ ਨੂੰ ਬਰਦਾਸ਼ਤ ਨਾ ਕਰਦੇ ਹੋਏ ਕੁਝ ਹੀ ਦਿਨਾਂ ਵਿੱਚ ਮਰ ਜਾਂਦਾ ਹੈ।

ਨਾਵਲ ਦੀ ਇੱਕ ਹੋਰ ਕਥਾ ਮੱਲਣ ਅਤੇ ਚੰਦ ਕੌਰ ਦੀ ਹੈ। ਉਹ ਆਪਣੀ ਕੁੜੀ, ਜੀਤੋ ਨੂੰ ਕਿਧਰੇ ਚੰਗੀ ਥਾਂ ਵਿਆਹੁਣਾ ਚਾਹੁੰਦੇ ਹਨ। ਆਖਰ ਇੱਕ ਥਾਂ ਮੰਗਣੀ ਹੋ ਜਾਂਦੀ ਹੈ ਅਤੇ ਵਿਆਹ ਵੀ ਰੱਖਿਆ ਜਾਂਦਾ ਹੈ। ਮੱਲਣ, ਝੰਡਾ ਸਿੰਘ ਕੋਲ ਜ਼ਮੀਨ ਗਹਿਣੇ ਰੱਖ ਕੇ ਪੈਸੇ ਦਾ ਪ੍ਰਬੰਧ ਕਰਦਾ ਹੈ। ਮੱਲਣ ਦਾ ਬਿਰਧ ਫੌਜੀ ਪਿਤਾ ਮਰ ਜਾਂਦਾ ਹੈ ਅਤੇ ਸਾਰਾ ਪੈਸਾ ਮੱਲਣ ਪਿਓ ਦੇ ਮਰਨੇ ਉੱਤੇ ਲਾ ਦਿੰਦਾ ਹੈ। ਆਖ਼ਰ ਜੀਤੋ ਦੇ ਵਿਆਹ ਲਈ ਹੋਰ ਰਹਿੰਦੀ ਜ਼ਮੀਨ ਵੀ ਝੰਡੇ ਕੋਲ ਗਹਿਣੇ ਕਰ ਦਿੰਦਾ ਹੈ। ਉਨ੍ਹਾਂ ਦਾ ਮੁੰਡਾ, ਬਲਕਾਰ ਪੁਲਿਸ ਹਥੋਂ ਮਾਰਿਆ ਜਾਂਦਾ ਹੈ।

ਆਲੋਚਨਾ

ਡਾ. ਜੋਗਿੰਦਰ ਸਿੰਘ ਰਾਹੀ ਆਪਣੇ ਲੇਖ ‘ਕੋਠੇ ਖੜਕ ਸਿੰਘ’ ਵਿੱਚ ਇਸ ਨਾਵਲ ਨੂੰ ਇੱਕ ਅਹਿਮ ਰਚਨਾ ਮੰਨਦਾ ਹੈ। ਉਹ ਕਹਿੰਦਾ ਹੈ ਕਿ ਇਹ ਨਾਵਲ ਸਮੱਸਿਆ ਦੇ ਚਿਤ੍ਰਣ ਅਤੇ ਨਾਵਲ ਦੀ ਕਲਾ ਦੇ ਪੱਧਰ ਉੱਤੇ ਰਾਮ ਸਰੂਪ ਅਣਖੀ ਦੇ ਪਹਿਲੇ ਨਾਵਲਾਂ ਨਾਲੋਂ ਵਡੇਰੀ ਪ੍ਰਤਿਭਾ ਦਾ ਪ੍ਰਭਾਵ ਦਿੰਦੀ ਹੈ। ਉਸ ਅਨੁਸਾਰ ਇਸ ਨਾਵਲ ਵਿੱਚ ਪੰਜਾਬ ਦੀ ਇਤਿਹਾਸਿਕ ਦੁਖਾਂਤ ਸਥਿਤੀ ਦੇ ਮੁਖ਼ਤਲਿਫ਼ ਪਹਿਲੂਆਂ ਨੂੰ ਨਾਵਲ ਵਿੱਚ ਕਿਰਸਾਣੀ, ਸਿਆਸਤ, ਸ਼ਾਹੂਕਾਰੇ, ਕਰਾਂਤੀ, ਧਾਰਮਿਕ ਡੇਰਿਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਇਸਤਰੀਆਂ ਦੇ ਵਿਭਿੰਨ ਵਰਗ ਰੂਪਾਂ ਦੇ ਪ੍ਰਤੀਨਿਧ ਪਾਤਰਾਂ ਰਾਹੀਂ ਸਿਰਜਿਆ ਗਿਆ ਹੈ।[4]

ਗੁਰਬਖ਼ਸ਼ ਸਿੰਘ ਫਰੈਂਕ ਆਪਣੇ ਲੇਖ ‘ਅਣਖੀ ਦੀ ਰਚਨਾ: ਕੋਠੇ ਖੜਕ ਸਿੰਘ’ ਵਿੱਚ ਇਸ ਰਚਨਾ ਨੂੰ ਪੰਜਾਬੀ ਨਾਵਲ ਦੇ ਖੇਤਰ ਵਿੱਚ ਇੱਕ ਵਰਣਨ ਯੋਗ ਘਟਨਾ ਅਤੇ ਨਾਲ ਹੀ ਇਸਨੂੰ ਵਾਰਤਕ ਵਿੱਚ ਲਿਖਿਆ ਮਹਾਂਕਾਵਿ ਵੀ ਕਹਿੰਦਾ ਹੈ।[5]

ਡਾ. ਸਤਿੰਦਰ ਸਿੰਘ ਨੂਰ ਆਪਣੇ ਲੇਖ ‘ਕੋਠੇ ਖੜਕ ਸਿੰਘ ਬਾਰੇ’ ਵਿੱਚ ਇਸ ਨਾਵਲ ਨੂੰ ਨਵੇਂ ਪ੍ਰਤਿਮਾਨ ਪੇਸ਼ ਕਰਨ ਵਾਲੀ ਰਚਨਾ ਮੰਨਦਾ ਹੈ ਅਤੇ ਇਸਨੂੰ ਇੱਕ ਐਪਿਕ-ਨਾਵਲ ਕਹਿੰਦਾ ਹੈ।[6]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ